میں ڈھاواں دلّی دے کِنگرے
میرا ناں دُلّا نہ رکھدئیوں
رکھدیندیوں کجھ ہور
میں پُتر آں بگے شیر دا
میرے شیراں ورگے طور
میں بھنّاں دِلّی دے کِنگرے
دیواں شکر وانگر بھور
کجھ وِرلیاں وِرلیاں قبراں تے کجھ رُکھاں دی وِرلی وِرلی چھاں۔ تھلے ورہیاں دی کالک وچ رنگی اکلّی قبر۔ لاگے سرناویں دے مکھڑے اتے اک اعلان جنگ ’میں بھنّاں دِلّی دے کِنگرے‘! ایہہ کہیڑا اے جو لہوروں سدھا دِلّی ڈھاؤن نو ں پھردا اے؟ اِک سرخ انقلابی رنگ وچ رنگیا اک ناواں دُلّا بھٹی شہید۔
اج توں دس باراں ورہے پہلے دی اوس دوپہرمیں میانی صاحب دے کتبے کھنگالدا پھرولدا دُلّے بھٹی نوں آن ملیا۔ ایہہ ساندل باردے گھبرواں دے وارث نال اک حادثاتی میل سی۔ ساندل بھٹی دا پوتا، فرید بھٹی تے ماتا لدھی دا نور نظر عبداللہ بھٹی جنہوں اکبر بادشاہ دا دربار تے دنیا دُلّا بھٹی کرکے سنجاندی اے۔
ساندل بار دے بتّی پنڈاں دے سردارپنڈی بھٹیاں دے بگے شیرساندل تے اوہدا دلیرپت فرید بھٹی مغلاں نوں ہک دے زور تے ڈکیا تے باغی تے ڈکیت دا لقب پایا۔ سجنوں تے مِترو، جگ دی ریت اے کہ سرکارے دربارے باغیاں دی دھون لاہ لیندے نیں تے ایہو ای دوواں بھٹیاں دے نال ہویا۔
تیراساندل داداماریا
دِتّابورےوچ پا
مغلاں پُٹھیاں کھلّاں لاہ کے
بھریاں نال ہوا
پر ہالے ایہہ بولی فرید بھٹی دے قتل توں گیارہ دن بعد جمّے دُلّے دے کن پاؤن وچ اجے دیر سی کہ ماتا لدھی نوں اپنے پتر دے چاء تے لاڈ پورے کرن دی ریجھ سی۔ ایہو کرکے دُلّے دی وار دی شروعات اوہو گھوڑیاں تے گاؤن نیں جیہڑے دُلّے دی بھیناں نے گودیاں ویر کھڈاؤندے گائے۔
ججمان جی ججمان جی
میرا دُلّا ویر سلطان جی
نال ہاتھی نال گھوڑے
لیاوے گا ساڈی بھابھی جان جی
تارے تارے تارے
ویرمیراگھوڑی چڑھیا
کوئی بری نظرنہ لاوے
لدھی نوں دُلّا کل جہان سی کہ ہن اوہ اکبر بادشاہ نوں لگان دین تے وی راضی سی۔ ایتھے کچھ کہاوتاں ایہہ وی کیہندیاں نیں کہ ماتا لدھی نوں اکبردے دربارے شہزادہ شیخو دی رضاعی ماں بنن دا سدا آیا۔ پنجابی بولی دا لاڈلا بابو رجب علی سانوں دسدا اے
کسے دسّ پاتی بادشاہ سیانے نوں
اپڑے نہ کوئی پنڈی دے گھرانے نوں
سروں ننگی عورت فرید خان دی
گدڑاں توں چترے بناؤن جاندی
کڈھ کے تے وٹّ پچھلے کرودھ دے
لے لیا شہزادہ شیخو وچّ گود دے
دناں وچّ دودھ دی نہر وگّ پئی
سجا ‘مما’ شیخو نوں چنگھون لگّ پئی
ایس حسابے دُلّا تے شیخو دُدھ شریک بھرا ہوئے تے کہن آلے کہندے نیں کہ لدھی وی بڑی راضی سی۔ ہن رجب علی تے سانوں دسدا اے کہ لدھی نوں جگاؤن واسطے خواب وچ وڈکے بھٹی آئے، پر ہور ڈھولے تے واراں دسدیاں ہن کہ ساندل دا بیلی محمد دین جیہندی دھشت مغلاں دےدرباروچ گلاب دین دے ناں نال سی جدوں قیدوں چھُٹ کے آیا تے (بقول ساڈے لوک فنکار فضل جٹ) ماتا لدھی نوں کہن لگا، ’دُلّا بھٹی بگے شیرد اپتراے ایہنے بھبھک مارن توں باز نئیں آؤنڑا‘۔
تے لدھی وی پنجاب دی شیرجٹی کوئی شے بُھلّی نئیں سی۔ دُلّے نے پچھیا کہ ماں مینوں گُڑتی کس چیزدی دتّی سی تے کہن لگّی، ’سان چڑھی تلوارداپانی تیرےمنہ لایاسی دُلّیا‘۔ سان چڑھی تلوار دا پانی پین والے نیں فیر رتّی پنڈی وچ اپنے وڈکیاں دے قاتل بکّے ملکیرے دا تن تنہا سر وڈھ کے اکبر دے دربار گھلا دتا تے میدا کھتری ملکیرے دا سِر لے کے اکبر دے دربار جا کوُکیا
ایک جمیا پنڈی دے وچ سورما
مائی لدھی دے گھر لعل اوئے
اوہنے گن گن ماریاں کاہنڑیاں
بھٹی کھو کے لے گیا مال اوئے
کہن آلے کہندے نیں کہ پنڈی بھٹیاں اک اُچّا ٹیلہ اے۔ ایتھے دُلّے دے او ساتھی دفن نیں جیہڑے مغلاں دی فوج نے مارے سی۔ دُلّے بھٹی دا گھلایا بکّے ملکیرے دا سِر اکبر دے دربار وچ طبل جنگ بن کے وجیا۔ مغل بادشاہ دیاں بڑھکاں تے جو فوجداردُلّے دے خلاف کھلتا اوہدا ناں سی نظام دین۔ بابا بلھے شاہ دے قصورشہردا نظام دین۔ جد نظام دین دی فوج پنڈی بھٹیاں اپڑی تے دُلّا مامیاں ول گیا ہویا سی۔ یاردلدار گیڑے وچ آگئے تے ماں لدھی، دُلّے دی ووہٹی، بھیناں تے پنڈی بھٹیاں دیاں مٹیاراں فوج نے بنھ کے تخت لہورول ٹوریاں۔ سجنو پنجاب دے شیردی وار دا راوی مہرو پوستی ایتھے ہتھیار چکدا اے تے نال دُلّے نو ں میہنا ماردا اے
غصے وچ دُلّے نوں مہرو مارے بولیاں اوئے اِجّتاں تَیں رولیاں
پنڈی دے دوالے چلدیاں گولیاں اوئے کندھاں ہوئیاں پولیاں
آپ تاں توں آکے سوں گیاں اے نانکی اُتّے لے کے چادراں
مغلاں نے تیرا سبھ کجھ لُٹیا او وڈّیا بہادرا
پنڈی بھٹیاں دیاں بنھیاں رانیاں جد لہور دے راہے اگلے پنڈ رتّی پنڈی اپڑیاں تے آپس دی دشمنی بھلا کے پنڈ دے بُڈھڑے لعل خان نے نظام دین دی فوج نوں پنڈ وسنیکاں دے نال ہک تے ڈکّیا کہ دھیاں بھیناں تے سبھ دیاں سانجھیاں ہوندیاں نیں۔ ایتھے دُلّا وی آ اپّڑیا تے نظام دین دی دھون تے تلواررکھ دتی۔ نظام جد ماتا لدھی دے اگے نیواں ہومعافی منگن لگیا تے ماں دے کہن تے دُلّے نے جاں بخشی کردتی۔ نظام جدوں رتّی پنڈی توں اپڑ کے لاہور دے دربار دُلّے دی بہادری دی داستان سناوے گا تے بادشاہ دُلّے نوں سدّا گھلّے گا۔ دُلّا پیش ہووے گا پر اک باغی دے روپ وچ۔ اکبردے دربارے بادشاہ دے حکم توں بغاوت دے جرم وچ اتے مغل جرنیلاں تے سپہ سالاراں نوں قتل کرن دے کارن دُلّے نوں پھانسی بول گئی۔
اگلا منظردِلّی دروازے دے باہر نخاس دااے جتھے دُلّے نوں پھانسی لایا جائے گا۔ ایک مجمع اکٹھا ہویا اے تے دُلّا ہک تان کے اکبر بادشاہ تے مغلاں دے دربارنوں شیراں وانگر للکاردا پھاہے والا جھونٹا لے گیا۔ ایک موئے دُلّے توں وی ڈرے اکبر دے دربار نے اوہدی لاش گھروالیاں نوں نہیں موڑی بلکہ میانی دے قبرستان دے باغیاں لئی مخصوص ٹکڑے وچ دب دتی۔ دِلّی دروازے دی نخاس وچ مجمع اندر کھڑے شاہ حسین وی ہیگے سن۔ کہندے نیں کہ آخردم تک ہک تان کے کھڑے دُلّے نوں ویکھ کے اونہاں نے پنجاب دے سوُرمے دی نظر ایہہ شعر کہیا
کہےحسین فقیر سائیں دا
تخت نہ ملدے منگے
اج وی چڑھدے ماگھ نوں جد لہندے تے چڑھدے پنجاب دیاں راتاں اگ بال کے نِگیاں ہوندیاں نیں تے جواک لوہڑی منگن جاندے نیں تے جوڑی سلامت رہن دی دعا دے نال کہ ’سانوں دے دے لوہڑی ۔ وے تیری جیوے جوڑی‘ او پنجاب دی سندریاں تے مندریاں دے سر ڈھکن والے سورمے نوں وی یاد کردے نیں جنھیں دھی ویاہی تے سیر شکر پائی سی۔
سُندرمُندریے
تیرا کون وچارا
دُلّا بھٹی والا
دُلّے دی دھی ویاہی
سیر شکر پائی
کڑی دا لال پٹاکا
کڑی دا سالُو پاٹا
سالوُ کون سمیٹے
مامے چوُری کُٹّی
زمینداراں لُٹّی
زمیندار سدھائے
گِن گِن بھولے آئے
اک بھولا رہ گیا
سپاہی پھڑکے لے گیا
سپاہی نے ماری اِٹّ
بھانویں رو تے بھانویں پِٹّ
سانوں دے دے لوہڑی
وے تیری جیوے جوڑی

ਮਿਆਨੀ ਸਾਹਿਬ ਵਿਚ ਦੁੱਲੇ ਭੱਟੀ ਦਿ ਕਬਰ – ਏਹ ਫ਼ੋਟੋ ੨੦੦੯ ਵਿਚ ਖਿਚੀ ਗਈ
ਦੁੱਲੇ ਭੱਟੀ ਦਿ ਕਬਰ ਦਿ ਹੁਣ ਦੀ ਫ਼ੋਟੋ – ਸਾਡੇ ਮਿਤਰ ਏਹਮਦ ਰਜ਼ਾ ਵੱਟੂ ਫੁਲ ਚੜ੍ਹਾ ਰਹੇ ਨੇਂ

ਢਾਹਵਾਂ ਦਿੱਲੀ ਦੇ ਕਿੰਗਰੇ
ਮੇਰਾ ਦੁੱਲਾ ਨਾਂ ਨ ਰਖਦੀਉਂ, ਰਖਦੀਓਂ ਕੁਝ ਹੋਰ
ਚਾਰ ਚੱਕ ਮੈਂ ਭੱਟੀ ਨੇ ਖਾਵਣੇ, ਦੇਣੇ ਸ਼ੱਕਰ ਵਾਂਗੂੰ ਭੋਰ
ਮਾਰਾਂ ਅਕਬਰ ਵਾਲੀਆਂ ਡਾਲੀਆਂ, ਤਦ ਜਾਣੀ ਦੁਲਾ ਰਾਠੌਰ
ਮੇਰੇ ਹੇਠਾਂ ਬੱਕੀ ਲੱਖ ਦੀ, ਜਿਹੜੀ ਟੁਰਦੀ ਸੁੰਮ ਠਕੋਰ
ਮੈਂ ਪੁਤ ਆਂ ਬੱਗੇ ਸ਼ੇਰ ਦਾ, ਮੇਰੇ ਸ਼ੇਰਾਂ ਵਰਗੇ ਤਉਰ
ਜੁਝ ਵਿਰਲਿਆਂ ਵਿਰਲਿਆਂ ਕਬਰਾਂ ਤੇ ਕੁਝ ਵਿਰਲੇ ਵਿਰਲੇ ਰੁੱਖਾਂ ਦੀ ਛਾਂ ਥੱਲੇ ਵਰਹਿਆਂ ਦੀ ਕਾਲਕ ਵਿਚ ਰੰਗੀ ਕੱਲੀ ਕਬਰ. ਲਾਗੇ ਸਿਰਨਾਵੇਂ ਦੇ ਮੁਖੜੇ ਉੱਤੇ ਇਕ ਘੋਸ਼ਣਾ “ਮੈੰ ਭੰਨਾਂ ਦਿੱਲੀ ਦੇ ਕਿੰਗਰੇ”. ਇਹ ਕੌਣ ਹੈ ਜਹਿੜਾ ਲਾਹੋਰੋਂ ਸਿੱਧਾ ਦਿੱਲੀ ਢਾਉਣ ਨੂੰ ਫਿਰਦਾ ਹੈ. ਫ਼ੇਰ ਲਾਲ ਇਨਕਲਾਬੀ ਰੰਗ ਵਿਚ ਰੰਗਿਆ ਇਕ ਨਾਮ “ਦੁੱਲਾ ਭੱਟੀ ਸ਼ਹੀਦ”.
ਅੱਜ ਤੋੰ ਦਸ ਬਾਰਾਂ ਸਾਲ ਪਹਿਲੇ ਮੈਂ ਮਿਆਨੀ ਸਾਹਿਬ ਲਾਹੋਰ ਦੇ ਕਤਬੇ ਫਰੋਲਦਾ ਦੁੱਲੇ ਭੱਟੀ ਨੂੰ ਆਨ ਮਿਲਿਆ. ਸਾਂਦਲ ਬਾਰ ਦੇ ਘਬਰੂਆਂ ਦੇ ਵਾਰਿਸ ਨਾਲ ਮੇਰੀ ਇਹ ਮੁਲਾਕਾਤ ਇਕ ਇਤਫ਼ਾਕ ਸੀ. ਸਾਂਦਲ ਭੱਟੀ ਦਾ ਪੋਤਾ ਫ਼ਰੀਦ ਭੱਟੀ ਤੇ ਮਾਤਾ ਲੱਧੀ ਦਾ ਲਾਡਲਾ ਅਬਦੁੱਲਾ ਭੰਟੀ ਜਿਸਨੂੰ ਅਕਬਰ ਦਾ ਦਰਬਾਰ ਤੇ ਕੁਲ ਸੰਸਾਰ ਦੁੱਲਾ ਭੱਟੀ ਦੇ ਨਾਮ ਨਾਲ ਪਛਾਣਦਾ ਹੈ.
ਪਿੰਡੀ ਭੱਟੀਆਂ ਦੇ ਬੱਗੇ ਸ਼ੇਰ ਸਾਂਦਲ ਤੇ ਉਸਦੇ ਪੁਤਰ ਫ਼ਰੀਦ ਨੇ ਮੁਗਲਾਂ ਨੂੰ ਹਿਕ ਦੇ ਜ਼ੋਰ ਨਾਲ ਰੋਕਿਆ ਤੇ ਬਾਗ਼ੀ ਤੇ ਡਕੈਤ ਕਹਾਏ ਸਰਕਾਰਾਂ ਤੇ ਬਾਦਸ਼ਾਹਾਂ ਦੇ ਦਰਬਾਰ ਬਾਗ਼ੀਆਂ ਦੀ ਧੌਣ ਲਾਹ ਲੈਂਦੇ ਨੇ, ਸਾਡੇ ਦੋਵਾਂ ਭੱਟੀਆਂ ਨਾਲ ਵੀ ਇਹੋ ਹੋਇਅ
ਤੇਰਾ ਸਾਂਦਲ ਦਾਦਾ ਮਾਰਿਆ
ਦਿਤਾ ਬੋਰੇ ਚ ਪਾ
ਮੁਗਲਾਂ ਪੁੱਠੀਆਂ ਖੱਲਾਂ ਲਾਹ ਕੇ
ਭਰੀਆਂ ਨਾਲ ਹਵਾ
ਪਰ ਇਹ ਬੋਲੀ ਫ਼ਰੀਦ ਭੱਟੀ ਦੇ ਕਤਲ ਤੋਂ ਗੇਆਰਾਂ ਦਿਨ ਮਗਰੋਂ ਜੱਮੇ ਦੁੱਲੇ ਦੇ ਕੰਨਾਂ ਵਿੱਚ ਪਾਉਣ ਨੂੰ ਅਜੇ ਦੇਰ ਸੀ ਕੇ ਹਾਲੇ ਮਾਤਾ ਲੱਧੀ ਨੂੰ ਆਪਣੇ ਪੁਤ ਦੇ ਚਾ-ਲਾਡ ਪੂਰੇ ਕਰਣ ਦੀ ਰੀਝ ਸੀ. ਦੇਵੀਓ ਤੇ ਸੱਜਣੋ ਇਹੋ ਕਰਕੇ ਦੁੱਲੇ ਭੱਟੀ ਦੀ ਵਾਰ ਦੀ ਸ਼ੁਰੂਆਤ ਓਹੋ ਘੋੜੀਆਂ ਤੇ ਗਾਓਣ ਨੇ ਜਹਿੜੇ ਦੁੱਲੇ ਦੀਆਂ ਭੈਣਾਂ ਨੇ ਗੋਦੀ ਵੀਰ ਖਡੋਂਦਿਆਂ ਗਾਏ
ਜਜਮਾਨ ਜੀ ਜਜਮਾਨ ਜੀ
ਮੇਰਾ ਦੁੱਲਾ ਵੀਰ ਸੁਲਤਾਨ ਜੀ
ਨਾਲ ਹਾਥੀ ਨਾਲ ਘੋੜੇ
ਲਿਆਵੇਗਾ ਸਾਡੀ ਭਾਭੀ ਜਾਨ ਜੀ
ਤਾਰੇ ਤਾਰੇ ਤਾਰੇ
ਵੀਰ ਮੇਰਾ ਘੋੜੀ ਚੜ੍ਹਿਆ
ਕੋਈ ਬੁਰੀ ਨਜ਼ਰ ਨਾ ਲਾਵੇ
ਲੱਧੀ ਨੂੰ ਦੁੱਲਾ ਕੁਲ ਜਹਾਨ ਸੀ ਤੇ ਓਹ ਹੁਣ ਅਕਬਰ ਬਾਦਸ਼ਾਹ ਨੂੰ ਲਗਾਨ ਦੇਣ ਤੇ ਵੀ ਰਾਜ਼ੀ ਸੀ. ਇਥੇ ਕੁਛ ਕਹਾਵਤਾਂ ਸਾਨੂੰ ਦਸਦੀਆਂ ਨੇ ਕੇ ਮਾਤਾ ਲੱਧੀ ਨੂੰ ਅਕਬਰ ਦੇ ਦਰਬਾਰੋਂ ਸ਼ਹਿਜ਼ਾਦੇ ਸ਼ੇਖ਼ੂ ਨੂੰ ਦੁੱਧ ਪਿਓਣ ਦਾ ਸੱਦਾ ਆਇਆ. ਪੰਜਾਬੀ ਬੋਲੀ ਦਾ ਲਾਡਲਾ ਬਾਬੂ ਰਜਬ ਅਲੀ ਸਾਨੂੰ ਦਸਦਾ ਹੈ
ਕਿਸੇ ਦੱਸ ਪਾਤੀ ਬਾਦਸ਼ਾਹ ਸਿਆਣੇ ਨੂੰ,
ਅੱਪੜੇ ਨਾ ਕੋਈ ਪਿੰਡੀ ਦੇ ਘਰਾਣੇ ਨੂੰ ।
ਸਿਰੋਂ ਨੰਗੀ ਔਰਤ ਫਰੀਦ ਖਾਨ ਦੀ,
ਗਿੱਦੜਾਂ ਤੋਂ ਚਿਤਰੇ ਬਣੌਨ ਜਾਣਦੀ ।
ਕੱਢ ਕੇ ਤੇ ਵੱਟ ਪਿਛਲੇ ਕਰੋਧ ਦੇ,
ਲੈ ਲਿਆ ਸਹਿਜ਼ਾਦਾ ਸ਼ੇਖੂ ਵਿੱਚ ਗੋਦ ਦੇ ।
ਦਿਨਾਂ ਵਿੱਚ ਦੁੱਧ ਦੀ ਨਹਿਰ ਵੱਗ ਪੀ,
ਸੱਜਾ ‘ਮੁੰਮਾ’ ਸੇਖੂ ਨੂੰ ਚੁੰਘੌਣ ਲੱਗ ਪੀ ।
ਇਸ ਹਿਸਾਬ ਨਾਲ ਦੁੱਲਾ ਤੇ ਸ਼ੇਖ਼ੂ ਦੁੱਧ ਸ਼ਰੀਕ ਭਰਾ ਹੋਏ. ਹੁਣ ਬਾਬੂ ਰਜਬ ਅਲੀ ਸਾਨੂੰ ਦਸਦਾ ਹੈ ਲੱਧੀ ਨੂੰ ਜਗਾਉਣ ਲਈ ਓਹਦੇ ਸੁਪਨੇ ਚ ਵਡੇਰੇ ਭੱਟੀ ਆਏ. ਕੁਝ ਹੋਰ ਢੋਲਿਆਂ ਤੇ ਵਾਰਾਂ ਵਿਚ ਆਉਂਦਾ ਹੈ ਕੇ ਸਾਂਦਲ ਦਾ ਬੇਲੀ ਮੁਹਮਦ ਦੀਨ ਜਿਹਦੀ ਦੈਹਸ਼ਤ ਮੁਗਲਾਂ ਦੇ ਦਰਬਾਰ ਵਿਚ ਗੁਲਾਬ ਦੀਨ ਦੇ ਨਾਮ ਨਾਲ ਸੀ ਜਦੋਂ ਕੈਦ ਵਿਚੋਂ ਛੁੱਟ ਕੇ ਵਾਪਿਸ ਆਇਆ ਤੇ ਮਾਤਾ ਲੱਧੀ ਨੂੰ ਕਹਿਣ ਲੱਗਾ.
ਪਾਕਿਸਤਾਨ ਦੇ ਸੋਹਣੇ ਤੇ ਸੁਨੱਖੇ ਲੋਕ ਫ਼ੰਨਕਾਰ ਫ਼ਜ਼ਲ ਜੱਟ ਦੇ ਸ਼ਬਦਾਂ ਵਿਚ “ਦੁੱਲਾ ਬੱਗੇ ਸ਼ੇਰ ਦਾ ਪੁਤ ਹੈ ਇਸਨੇ ਬੜ੍ਹਕ ਮਾਰਨ ਤੂੰ ਬਾਜ਼ ਨਹੀਂ ਆਓਣਾ”. ਦੁੱਲੇ ਨੇ ਪੰਜਾਬ ਦੀ ਸ਼ੇਰ ਜੱਟੀ ਮਾਂ ਤੋੰ ਪੁਛਿਆ ਮੈਨੂੰ ਗੁੜਤੀ ਕਿਸ ਚੀਜ਼ ਦੀ ਦਿੱਤੀ ਸੀ. “ਵੇ ਦੁੱਲਿਆ ਸਾਨ ਚੜ੍ਹੀ ਤਲਵਾਰ ਦਾ ਪਾਣੀ ਤੇਰੇ ਮੂੰਹ ਲਾਇਆ ਸੀ”.
ਏਸ ਸਾਨ ਚੜ੍ਹੀ ਤਲਵਾਰ ਦਾ ਪਾਣੀ ਪੀਣ ਵਾਲੇ ਨੇ ਰੱਤੀ ਪਿੰਡੀ ਵਿਚ ਆਪਣੇ ਦਾਦੇ ਤੇ ਪਿਤਾ ਦੇ ਕਾਤਿਲ ਬੱਗੇ ਮਲਕੇਰੇ ਦਾ ਸਿਰ ਵਢ ਕੇ ਅਕਬਰ ਦੇ ਦਰਬਾਰ ਘਲਾ ਦਿੱਤਾ.
ਇਕ ਜੰਮਿਆ ਪਿੰਡੀ ਵਿਚ ਸੂਰਮਾ
ਮਾਂ ਲੱਧੀ ਦੇ ਘਰ ਲਾਲ
ਉਹਨੇ ਲੁਟਕੇ ਖਾ ਲੀਆਂ ਡਾਲੀਆਂ
ਭੱਟੀ ਖੋਹਕੇ ਖਾ ਗਏ ਮਾਲ
ਮੇਲਾ ਝਟ ਦਾ ਹੋਣੀ ਨ ਟਲੀ
ਜਿਹੜੀ ਬੈਠੀ ਦੁਲੇ ਦੀ ਬਾਰ
ਕਹਿਣ ਵਾਲੇ ਕਹਿੰਦੇ ਨੇ ਪਿੰਡੀ ਭੱਟਿਆਂ ਚ ਇਕ ਉੱਚਾ ਟੀਲਾ ਹੈ. ਇਥੇ ਦੁੱਲੇ ਦੇ ਬੇਲੀ ਦਫ਼ਨ ਨੇ ਜਹਿੜੇ ਮੁਗਲਾਂ ਦੀ ਫ਼ੌਜ ਨੇ ਮਾਰੇ ਸੀ. ਦੁੱਲੇ ਭੰਟੀ ਦਾ ਘਲਿਆ ਬੱਗੇ ਮਲਕੇਰੇ ਦਾ ਸਿਰ ਅਕਬਰ ਦੇ ਦਰਬਾਰ ਵਿਚ ਜੰਗ ਦਾ ਐਲਾਨ ਸੀ. ਅਕਬਰ ਨੇ ਜਹਿੜਾ ਸੂਰਮਾ ਦੁੱਲੇ ਦੀ ਖ਼ਬਰ ਲੈਣ ਘੱਲਿਆ ਓਹ ਸੀ ਨਿਜ਼ਾਮ ਦੀਨ. ਬਾਬੇ ਬੁੱਲ੍ਹੇ ਦੇ ਕਸੂਰ ਸ਼ਹਿਰ ਦਾ ਫ਼ੌਜਦਾਰ.
ਜਦ ਨਿਜ਼ਾਮ ਦੀ ਫ਼ੌਜ ਪਿੰਡੀ ਭੱਟੀਆਂ ਅੱਪੜੀ ਦੁੱਲਾ ਆਪਣੇ ਮਾਮਿਆਂ ਵੱਲ ਗਿਅ ਸੀ. ਉਸਦੇ ਯਾਰ ਦਿਲਦਾਰ ਗੇੜੇ ਵਿਚ ਆ ਗਏ. ਦੁੱਲੇ ਦੀ ਵੋਹਟੀ ਉਸਦੀ ਮਾਤਾ ਲੱਧੀ ਤੇ ਭੈਣਾ ਅਤੇ ਪਿੰਡੀ ਦਿਆਂ ਮੁਟਿਆਰਾਂ ਫ਼ੌਜ ਨੇ ਬੰਨ੍ਹ ਕੇ ਤਖ਼ਤ ਲਹੋਰ ਵੱਲ ਟੋਰੀਆਂ. ਇਥੇ ਪੰਜਾਬ ਦੀ ਅਣਖ ਦਾ ਰਾਵੀ ਮੈਹਰੂ ਪੋਸਤੀ ਆਪ ਦੋਨਾਲੀ ਚੁਕਦਾ ਤੇ ਦੁੱਲੇ ਨੂੰ ਮੇਹਣਾ ਮਾਰਦਾ ਹੈ.ਪਾਰਲੇ ਪੰਜਾਬ ਦੇ ਸੁਨਖੇ ਗਾਇਕ ਕੁਲਦੀਪ ਮਾਣਕ ਨੇ ਇਹ ਸ਼ਬਦ ਗਾਏ ਨੇ ਤੇ ਬੜੇ ਹੀ ਵਧਿਆ ਗਾਏ ਨੇ
ਗੁੱਸੇ ਵਿਚ ਦੁੱਲੇ ਨੂੰ ਮੇਹਰੂ ਮਾਰੇ ਬੋਲੀਆਂ ਓਏ ਇੱਜਤਾਂ ਤੂੰ ਰੋਲੀਆਂ
ਪਿੰਡੀ ਦੇ ਦਵਾਲੇ ਚਲਦੀਆਂ ਗੋਲੀਆਂ ਹੋਇਆਂ ਕੰਧਾਂ ਪੋਲੀਆਂ
ਆਪ ਤਾਂ ਤੂੰ ਆ ਕੇ ਸੌੰ ਗਿਅ ਏਂ ਨਾਨਕੀ ਉੱਤੇ ਲੈ ਕੇ ਚਾਦਰਾਂ
ਮੁਗਲਾਂ ਨੇ ਤੇਰਾ ਸਭ ਜੁਝ ਲੁੱਟਿਆ ਵਡਿਆ ਬਹਾਦਰਾ
ਧਿਆਂ ਭੈਣਾ ਸਭ ਦਿਆਂ ਸਾਂਝਿਆਂ ਹੁੰਦੀਆਂ ਨੇ. ਪਿੰਡੀ ਭੱਟੀਆਂ ਦਿਆਂ ਰਾਣੀਆਂ ਜਦ ਲਹੋਰ ਦੇ ਰਾਹ ਅਗਲੇ ਪਿੰਡ ਰੱਤੀ ਪਿੰਡੀ ਅੱਪੜੀਆਂ ਤੇ ਆਪਸੀ ਦੁਸ਼ਮਣੀ ਭੁਲਾ ਕੇ ਬੁਢੜੇ ਲਾਲ ਖ਼ਾਨ ਨੇ ਪਿੰਡ ਵਸਨੇਕਾਂ ਦੇ ਨਾਲ ਨਿਜ਼ਾਬ ਦੀਨ ਦੀ ਫ਼ੌਜ ਡਕ ਲਈ. ਇਥੇ ਦੁੱਲਾ ਵੀ ਆ ਅੱਪੜਿਆ ਤੇ ਨਿਜ਼ਾਮ ਦੀ ਧੌਣ ਉਤੇ ਤਲਵਾਰ ਰਖ ਦਿਤੀ.
ਨਿਜ਼ਾਮ ਦੀਨ ਜਦ ਮਾਤਾ ਲੱਧੀ ਦੇ ਅੱਗੇ ਨੀਵਾਂ ਹੋ ਕੇ ਮਾਫ਼ੀ ਮੰਗੀ ਤੇ ਮਾਂ ਦੇ ਕਹਿਣ ਉਤੇ ਦੁੱਲੇ ਨੇ ਓਸਦੀ ਜਾਨ ਬਖ਼ਸ਼ ਦਿੱਤੀ. ਨਿਜ਼ਾਮ ਲਾਹੋਰ ਪਰਤ ਕੇ ਅਕਬਰ ਨੂੰ ਦੁੱਲੇ ਭੰਟੀ ਦੀ ਬਹਾਦਰੀ ਦੇ ਕਿੱਸੇ ਸੁਣਾਏਗਾ. ਬਾਦਸ਼ਾਹ ਦੇ ਬੁਲਾਉਣ ਉਤੇ ਦੁੱਲਾ ਇਕ ਬਾਗ਼ੀ ਬਣ ਕੇ ਦਰਬਾਰ ਵਿਚ ਹਾਜ਼ਿਰ ਹੋਵੇਗਾ.
ਅਗਲਾ ਮੰਨਜ਼ਰ ਦਿੱਲੀ ਦਰਵਾਜ਼ੇ ਦੇ ਬਾਹਿਰ ਨਖ਼ਾਸ ਦਾ ਹੈ ਜਿੱਥੇ ਦੁੱਲੇ ਨੂੰ ਫਾਂਸੀ ਦਿੱਤੀ ਜਾਣੀ ਸੀ. ਇਕ ਖ਼ਲਕਤ ਅਕੱਠੀ ਹੁਈ ਤੇ ਦੁੱਲਾ ਹਿਕ ਤਣ ਕੇ ਮੁਗਲਾਂ ਨੂੰ ਗਾਲਾਂ ਕਢਦਾ ਫਾਂਸੀ ਦੀ ਪੀਂਘ ਝੂਟ ਗਿਆ. ਇਕ ਮੋਏ ਦੁੱਲੇ ਭੱਟੀ ਤੋਂ ਡਰਦੇ ਮੁਗਲ ਦਰਬਾਰ ਨੇ ਓਹਦੀ ਲਾਸ਼ ਵੀ ਘਰ ਵਾਲਿਆਂ ਨੂੰ ਨਹੀਂ ਮੋੜੀ.
ਲਾਹੋਰ ਦੇ ਮਿਆਣੀ ਸਾਹਿਬ ਕਬਰਸਤਾਨ ਵਿਚ ਜਿੱਥੇ ਮੁਗਲ ਸਰਕਾਰ ਦੇ ਬਾਗ਼ੀ ਦਫ਼ਨ ਹੁੰਦੇ ਸੀ ਓਥੇ ਦੁੱਲੇ ਦੀ ਕਬਰ ਬਣੀ. ਕਹਿੰਦੇ ਨੇ ਜਿੱਥੇ ਦੁੱਲੇ ਨੂੰ ਫਾਂਸੀ ਦਿੱਤੀ ਓਥੇ ਲਾਹੋਰ ਦੇ ਸ਼ਾਹ ਹੁਸੈਨ ਵੀ ਖੜੇ ਸੀ. ਉਨ੍ਹਾਂ ਨੇ ਪੰਜਾਬ ਦੇ ਸੂਰਮੇ ਦੁੱਲਾ ਭੱਟੀ ਨੂੰ ਦਾਰ ਤੇ ਝੂਲਦੇ ਵੇਖਿਆ ਤੇ ਕਿਹਾ
ਕਹੈ ਹੁਸੈਨ ਫ਼ਕੀਰ ਸਾਈਂ ਦਾ
ਤਖ਼ਤ ਨਾ ਮਿਲਦੇ ਮੰਗੇ
ਅਜ ਵੀ ਚੜ੍ਹਦੇ ਮਾਘ ਨੂੰ ਜਦੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦਿਆਂ ਰਾਤਾਂ ਅੱਗ ਬਾਲ ਕੇ ਨਿਗੀਆਂ ਹੁੰਦਿਆਂ ਨੇ ਤੇ ਜੁਆਕ ਲੋਹੜੀ ਮੰਗਣ ਜਾਂਦੇ ਨੇ, ‘ਸਾਨੂੰ ਦੇ ਦੇ ਲੋਹੜੀ – ਵੇ ਤੇਰੀ ਜੀਵੇ ਜੋੜੀ’, ਓਹ ਪੰਜਾਬ ਦਿਆਂ ਸੁੰਦਰਿਆਂ ਤੇ ਮੁੰਦਰਿਆਂ ਦੇ ਸਿਰ ਢਕਣ ਵਾਲੇ ਸੂਰਮੇ ਨੂੰ ਵੀ ਯਾਦ ਕਰਦੇ ਨੇ ਜਿਨ੍ਹੇ ਧੀ ਵਿਆਹੀ ਤੇ ਨਾਲ ਸੇਰ ਸੱਕਰ ਵੀ ਪਾਈ ਸੀ.
ਸੁੰਦਰ ਮੁੰਦਰੀਏ – ਹੋ!
ਤੇਰਾ ਕੌਣ ਵਿਚਾਰਾ – ਹੋ!
ਦੁੱਲਾ ਭੱਟੀ ਵਾਲਾ – ਹੋ!
ਦੁੱਲੇ ਧੀ ਵਿਆਹੀ – ਹੋ!
ਸੇਰ ਸੱਕਰ ਆਈ – ਹੋ!
ਕੁੜੀ ਦੇ ਬੋਝੇ ਪਾਈ – ਹੋ!
ਕੁੜੀ ਦਾ ਲਾਲ ਪਟਾਕਾ – ਹੋ!
ਕੁੜੀ ਦਾ ਸਾਲੂ ਪਾਟਾ – ਹੋ!
ਸਾਲੂ ਕੌਣ ਸਮੇਟੇ – ਹੋ!
ਚਾਚਾ ਗਾਲ੍ਹੀ ਦੇਸੇ – ਹੋ!
ਚਾਚੇ ਚੂਰੀ ਕੁੱਟੀ – ਹੋ!
ਜ਼ਿੰਮੀਦਾਰਾਂ ਲੁੱਟੀ – ਹੋ!
ਜ਼ਿੰਮੀਦਾਰ ਸਦਾਏ – ਹੋ!
ਗਿਣ ਗਿਣ ਪੌਲੇ ਲਾਏ – ਹੋ!
ਇੱਕ ਪੌਲਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ – ਹੋ!
ਸਿਪਾਹੀ ਨੇ ਮਾਰੀ ਇੱਟ!
ਭਾਂਵੇ ਰੋ ਤੇ ਭਾਂਵੇ ਪਿਟ!
ਸਾਨੂੰ ਦੇ ਦੇ ਲੋਹੜੀ
ਵੇ ਤੇਰੀ ਜੀਵੇ ਜੋੜੀ
