تے اواگت بنگلے دی ڈِنگی پکّی


یار او جوہلاں دے اڈے تے جتھوں اٹی دے ٹانگے چلدے سی، پکی دے پرلے پاسے اک چوبارہ ہندا سی۔ تھلے چاء داہوٹل اتے الیکشن آفس۔ او ہالے وی اوتھے ای اے؟
تینوں او چوبارہ کتھوں چیتے آگیا
اپنے تایازاد بھرا حفیظ نال فون تے گل ہورہی سی جہیڑا نانکے پنڈ لاگے مل وچ کم کردا اے
چوبارہ وی اوتھے ای اے تے الیکشن آفس وی، ہوٹل تھوڑا اڈےتوں اوراں شفٹ ہوگیا اے
میرا بھرا ایک کم تےکریں مل آوندا جاندا جوہل تھانڑیں لنگھیں تےاوہدی فوٹو لے کے گھلیں
حفیظ پہلاں تے ہسن لگ پیا فیراوہنے حامی بھرلئی کہ چل توں وی کی یاد کریں گا


اردو دے نامی گرامی ناول نگارعبداللہ حسین نے کتے لکھیااے کہ آدمی کی یادکالنگربھی کیا عجب منظرہے۔ سجنو تے مترو ساڈیاں یاداں دا جہاز جوہل تے اپڑیااے تےآپاں وی کجھ پرانیاں یاداں دا لنگرپانی وچ سُٹ کے ویکھدے آں۔


جوہل ، نانکے پنڈ دا لاری سٹاپ تے اواگت بنگلہ دادکیاں ول دا۔ دل نوں قدرتی چاہ ماں ول دے نانکیاں دی ہوندی اے تے ایس کرکے جوہل پہلاں چیتے آیا تے اوہدا بھلیا گواچا چوبارہ وی۔ پراوس توں وی ودھ جیہڑی یاد دل وچ ہوک جیہی بن کے سٹ ماردی اے اوہ منظراےجدوں بھانویں جوہل ہووے کہ اواگت ٹانگہ رمکے رمکے پنڈنوں جان والے راہ ٹردا تے پچھلی سیٹ تے بیٹھے دیر تک اوہ چوبارہ دسدا رہندا۔ اواگت بنگلے والے پاسے چوبارہ تے نئیں سی پر جڑانوالہ توں فیصل آباد ٹردی جاندی پکی اواگت توں اک ترچھے رخ توں لنگھدی سی۔ ٹانگے مگر بیٹھیاں نوں او ڈنگی پکی بڑی دیر تک چاہتیاں ماردی رہندی۔


گل ہن پرانی ہوگئی اے پر ہالے تیکر یاد اے کہ اڈے تے لاری توں اتر کے پہلا کم ابو نے نیانڑے تے نگ پورے کرنے تے فیر پنڈ واسطے سالم ٹانگہ کرانا۔ اگیوں ٹانگے والا وی پنڈ دا کوئی چاچا تایا ای ہوندا سی۔
آ بئی سعید احمدا آگیا ایں، بسم اللہ!
بہو بھین میریے جی آیاں نوں۔


ٹانگہ پنڈ ول منہ کی کردا آلے دوالے دیاں ہٹیاں تےکھوکھیاں اتے کھلرے سنیہے تے سامان ساہ لین لگ پیندے۔
میرا ویر آ جنتری راہ وچ گدڑ پنڈی دی مسیت دے مولوی جی نوں دیندا جائیں دھیان نال ڈب وچ پالے، راہ وچ نا سٹ دئیں!
اٹھاٹ وچ شیرے دی ہٹی اتے آ سیرنی دے پیکٹ پہنچانے نیں۔ جڑانوالیوں ماسڑ جی لے آئے سی۔
شاوا شے شیرا گل سنڑدا جائیں ۔ آ لمبڑاں دے منڈے نے پھیہلابادوں کابلا منگایا سی، جاندا جاندا اونہاں دے گھر پھڑاندا جائیں۔


ٹانگے والا گھوڑے دے منہ نوں لوسن دی گتھی لا کے جیوں سنیہے اکٹھے کرن لگدا، تھک ہارکے کہنا پیندا وے تور لے وے بھراوا۔ جیٹھ ہاڑ دی گرمی وچ سانوں ایتھے ای لوہنا اے! اگلی سیٹاں دےمسافر ابو تے نکے بھین بھرا ہوندے سی۔ کجھ گھوڑے دے نیڑے ہون داچاء کجھ اوہدی پوچھل تے ہتھ پھیرن دا۔ نال اک پاسے بم تے بیٹھے ٹانگے والے دے ہوا وچ گھمدے چھانٹے دی سڑک سڑک۔ میں پچھلی سیٹاں تےماں جی دے نال بہندا سی۔ پچھلی سیٹ جتھوں جوہل دا چوبارہ تےاواگت بنگلےدی ڈنگی پکی اکھاں دے نال نال ٹردےسن۔


سال پچھوں مہینے دو مہینے واسطے آئے شہریاں نوں پنڈ تے اوتھے دا رہن سہن ایک وکھرے سٹائل نال فیسینیٹ کردا۔ گھردا کچا فرش تےکچےاندر دی مہک۔ ویہڑے وچ ٹھنڈی چھاویں کھڑی دادے دادی دی ہم عمر نم۔ مربے دی سیر، وٹاں اتے بنے بنے ترن دا چاء۔ کھال وچ پانی لگن والی واری تے چبھیاں مارکے تاری لین دی ہڑک۔ موسم دا پھل ہتھیں توڑکے کھاون دا سواد۔ کتے دوروں لوری وانگوں کناں تے ڈلدی کنک پیہن والی چکی دی کوُ ۔۔۔ کوُ۔ تے مگبر دی بانگ دے نال پاتھیاں دی اگ تے پکی اوسے چکی دے آٹے دی روٹی نال اللہ بخشے رنگ والی امی دے ہتھ دی رنھی ماہواں چھولیاں دی دال رج کے کھا لین مگروں چڑھدی کوہکی۔

پکھے دے نال ڈاہے پہلے منجے دے لیٹے داداجی دیاں لتاں گھٹن دے نال ہوا دے جھونکیاں دا سواد لیندے پوتے پوتیاں۔ تڑکے بانگاں ویلے بی بی دی رڑکدی مدھانی دے الارم دے نال کھلن والی اکھ تے ساری دیہاڑی دا ٹائم ٹپا لین توں بعد وی ’اجے ہالے سویردے نوں ای وجّے آ‘ والی حیرانی۔ تےنال پنجاب ٹیکسٹ بک بورڈ دی اردو دی کتاب وچ خوشی محمد ناظردی لمی پر بڑی ودھیا نظم جوگی۔


گل سجنو واہوا ای کھِلّر کھُلّر گئی اے تے ایس کھلری گل نوں اکٹھا کردے آں۔ پنڈوں واپس جوہل دے چوبارے تے اواگت بنگلے دی ڈنگی پکی ول مڑ ٹردے ہاں۔ شہراں دی تیزی چھڈ کے پنڈاں دےآلکس ول جاندیاں تے چھٹیاں مکن تے الٹے پیر شہراں دی ہبڑ تبڑ ول پرتن ویلے دل کملا کونج وانگوں کرلاندا سی۔

اینے ورہے لنگھ گئے جسّے وڈے ہوگئے تے عمراں دے ہتھوں کسے گئے پر دل ہالے وی اوہو ای کملا اے۔ اواگت بنگلے دی اوہو ای ڈنگی پکی بھالدا اے۔ تے ایویں بیٹھے بیٹھے نماشاں ویلے جوہل دے چوبارے دا چانن کدی کدی اکھاں وچ رڑکن لگ پیندا اے۔


وے میں بھل گئی موڑ تے آکے
لمّی سیٹی مارمترا
ویہڑانم والا اتے وےچوبارہ
اوہو گھر متراں دا

Chaubara at Johal Bus Stop on Faisalabad – Shahkot Road | Recent Picture

ਤੇ ਅਵਾਗਤ ਬੰਗਲੇ ਦੀ ਡਿੰਗੀ ਪੱਕੀ


ਯਾਰ ਓਹ ਜ੍ਹੋਲਾਂ ਦੇ ਅੱਡੇ ਤੇ ਜਿੱਥੋਂ ਅੱਟੀ ਦੇ ਟਾਂਗੇ ਚਲਦੇ ਸੀ, ਪੱਕੀ ਦੇ ਪਰਲੇ ਪਾਸੇ ਇਕ ਚੌਬਾਰਾ ਹੁੰਦਾ ਸੀ। ਥੱਲੇ ਚਾ ਦਾ ਹੋਟਲ ਤੇ ਉੱਤੇ ਅਲੈਕਸ਼ਨ ਆਫ਼ਿਸ। ਓਹ ਹਾਲੇ ਵੀ ਓਥੇ ਈ ਹੈ?
ਤੈਨੂੰ ਓਹ ਚੌਬਾਰਾ ਕਿੱਥੋਂ ਚੇਤੇ ਆ ਗਿਆ!
ਆਪਣੇ ਤਾਯਾ ਜਾਦ ਭਰਾ ਹਫ਼ੀਜ਼ ਨਾਲ ਫ਼ੌਨ ਤੇ ਗੱਲ ਹੋ ਰਹੀ ਸੀ ਜੇਹੜਾ ਨਾਨਕੇ ਪਿੰਡ ਲਾਗੇ ਮਿਲ ਵਿਚ ਕਮ ਕਰਦਾ ਏ॥
ਚੌਬਾਰਾ ਵੀ ਓਥੇ ਈ ਏ ਤੇ ਅਲੈਕਸ਼ਨ ਆਫ਼ਿਸ ਵੀ। ਹੋਟਲ ਅੱਡੇ ਤੋਂ ਥੋੜਾ ਉਰਾਂ ਸ਼ਿਫ਼ਟ ਹੋ ਗਿਆ ਏ॥
ਮੇਰਾ ਭਰਾ ਇਕ ਕਮ ਤੇ ਕਰੀਂ ਮਿਲ ਆਉਂਦਾ ਜਾਂਦਾ ਜੋਹਲ ਥਾਣੀ ਲੰਘੀਂ ਤੇ ਓਸ ਚੌਬਾਰੇ ਦੀ ਫ਼ੋਤੋ ਲੈ ਕੇ ਘੱਲੀਂ॥
ਹਫ਼ੀਜ਼ ਪਹਿਲਾਂ ਤੇ ਹੱਸਣ ਲੱਗ ਗਿਆ ਪਰ ਫ਼ੇਰ ਓਹਨੇ ਹਾਮੀ ਭਰ ਲਈ ਕੇ ਚੱਲ ਤੂੰ ਵੀ ਕੀ ਯਾਦ ਕਰੇੰਗਾ॥


ਉਰਦੂ ਦੇ ਨਾਮੀ ਨਾਵਿਲ ਨਿਗਾਰ ਅਬਦੁੱਲਾ ਹੁਸੈਨ ਨੇ ਕਿਤੇ ਲਿਖਿਆ ਏ “ਆਦਮੀ ਕੀ ਯਾਦ ਕਾ ਲੰਗਰ ਭੀ ਕਿਆ ਅਜਬ ਮੰਨਜ਼ਰ ਹੈ”। ਸਜਣੋ ਤੇ ਮਿਤਰੋ ਸਾਡੀਆਂ ਯਾਦਾਂ ਦਾ ਜਹਾਜ਼ ਜੋਹਲ ਤੇ ਅਪੱੜਿਆ ਏ ਤੇ ਆਪਾਂ ਵੀ ਕੁਝ ਪੁਰਾਣੀਆਂ ਯਾਦਾਂ ਦਾ ਲੰਗਰ ਪਾਣੀ ਵਿਚ ਸੁਟ ਕੇ ਵੇਖਦੇ ਆਂ॥


ਜੋਹਲ ਨਾਨਕੇ ਪਿੱਡ ਦਾ ਲਾਰੀ ਸਟਾਪ ਸੀ ਤੇ ਅਵਾਗਤ ਬੰਗਲਾ ਦਾਦਕਿਆਂ ਵਲ ਦਾ। ਦਿਲ ਨੂੰ ਕੁਦਰਤੀ ਚਾਹ ਮਾਂ ਵਲ ਦੇ ਨਾਨਕਿਆਂ ਦਿ ਹੁੰਦੀ ਏ ਏਸ ਕਰਕੇ ਜੋਹਲ ਪਹਿਲਾਂ ਚੇਤੇ ਆਇਆ ਤੇ ਨਾਲ ਓਹਦਾ ਭੁਲਿਆ ਵਿਸਰਿਆਂ ਚੌਬਾਰਾ ਵੀ। ਪਰ ਸਾਰਿਆਂ ਤੋਂ ਵਧ ਜੇਹੜੀ ਯਾਦ ਦਿਲ ਵਿਚ ਹੂਕ ਜੇਹੀ ਬਣ ਕੇ ਸੱਟ ਮਾਰਦੀ ਏ ਓਹ ਮੰਨਜ਼ਰ ਏ ਜਦੋਂ ਭਾਂਵੇਂ ਜੋਹਲ ਹੋਵੇ ਕੇ ਅਵਾਗਤ ਟਾਂਗਾ ਰਮਕੇ ਰਮਕੇ ਪਿੰਡ ਨੂੰ ਜਾਣ ਵਾਲੇ ਰਾਹ ਟੁਰਦਾ ਤੇ ਪਿਛਲੀ ਸੀਟ ਤੇ ਬੈਠੀਆਂ ਸਵਾਰੀਆਂ ਨੂੰ ਦੇਰ ਤਕ ਓਹ ਚੌਬਾਰਾ ਦਿਸਦਾ ਰਹਿੰਦਾ। ਅਵਾਗਤ ਬੰਗਲੇ ਵਾਲੇ ਪਾਸੇ ਚੌਬਾਰਾ ਤੇ ਨਹੀਂ ਸੀ ਪਰ ਜੜਾਂਵਾਲਾ ਤੋਂ ਫ਼ੈਸਲਾਬਾਦ ਟੁਰਦੀ ਜਾਂਦੀ ਪੰਕੀ ਸੜਕ ਅਵਾਗਤ ਤੋਂ ਇਕ ਡਿੰਗੇ ਰੁਖ਼ ਤੋੰ ਲੰਘਦੀ ਸੀ। ਟਾਂਗੇ ਮਗਰ ਬੈਠਿਆਂ ਨੂੰ ਓਹ ਡਿੰਗੀ ਪੱਕੀ ਬੜੀ ਦੇਰ ਤਕ ਝਾਤੀਆਂ ਮਾਰਦੀ ਰਹਿੰਦੀ॥


ਗੱਲ ਹੁਣ ਪੁਰਾਣੀ ਹੋ ਗਈ ਏ ਪਰ ਹਾਲੇ ਤਕ ਯਾਦ ਏ ਕੇ ਅੱਡੇ ਤੇ ਲਾਰੀ ਤੋਂ ਉਤਰ ਕੇ ਪਹਿਲਾ ਕਮ ਅੱਬੂ ਨੇ ਨਿਆਣੇ ਤੇ ਨਗ ਪੂਰੇ ਕਰਨੇ ਤੇ ਫ਼ੇਰ ਪਿੰਡ ਵਾਸਤੇ ਸਾਲਮ ਟਾਂਗਾ ਕਰਾਉਣਾ। ਅੱਗਿਓੰ ਟਾਂਗੇ ਵਾਲਾ ਵੀ ਪਿੰਡ ਦਾ ਕੋਈ ਚਾਚਾ ਤਾਯਾ ਈ ਹੁੰਦਾ ਸੀ॥
ਆ ਬਈ ਸਈਦ ਅਹਮਦਾ ਆ ਗਿਆ ਏਂ ਬਿਸਮਿੱਲਾ॥
ਬੈਠੋ ਭੈਣ ਮੇਰਿਏ ਜੀ ਆਇਆਂ ਨੂੰ॥


ਟਾਂਗਾ ਪਿੰਡ ਵਲ ਮੂੰਹ ਕੀ ਕਰਦਾ ਆਲੇ ਦਵਾਲੇ ਦਿਆਂ ਹੱਟੀਆਂ ਤੇ ਖੋਖਿਆਂ ਉਤੇ ਖਿਲਰੇ ਸੁਨੇਹੇ ਤੇ ਸਾਮਾਨ ਸਾਹ ਲੈਣ ਲਗ ਪੈੰਦੇ॥
ਮੇਰਾ ਵੀਰ ਆ ਜੰਤਰੀ ਰਾਹ ਵਿਚ ਗਿੱਦੜ ਪਿੰਡੀ ਦੀ ਮਸੀਤ ਦੇ ਮੌਲਵੀ ਜੀ ਨੂੰ ਦੇਂਦਾ ਜਾਈਂ ਧਿਆਨ ਨਾਲ ਡਬ ਵਿਚ ਪਾਲੈ ਰਾਹ ਵਿਚ ਨਾ ਸੁਟ ਦਈਂ!
ਅਠਾਟ ਵਿਚ ਸ਼ੇਰੇ ਦੀ ਹੱਟੀ ਉਤੇ ਸੀਰਨੀ ਦੇ ਪੈਕਟ ਪਹੁੰਚਾਣੇ ਨੇ। ਜੜਾਂਵਾਲਿਓਂ ਮਾਸਟਰ ਜੀ ਲੇ ਆਏ ਸੀ॥
ਸ਼ਾਵਾਸ਼ੇ ਸ਼ੇਰਾ ਆ ਲੰਬੜਾਂ ਦੇ ਮੁੰਡੇ ਨੇ ਫੇਹਲਾਬਾਦੋਂ ਕਾਬਲਾ ਮੰਗਾਇਆ ਸੀ ਜਾਂਦਾ ਜਾਂਦਾ ਉਨ੍ਹਾਂ ਦੇ ਘਰ ਫੜਾਂਦਾ ਜਾਈਂ॥


ਟਾਂਗੇ ਵਾਲਾ ਘੋੜੇ ਦੇ ਮੂੰਹ ਨੂੰ ਲੂਸਣ ਦੀ ਗੁਥੀ ਲਾ ਕੇ ਜਿਉਂ ਸੁਨੇਹੇ ਅਕੱਠੇ ਕਰਨ ਲਗਦਾ ਥਕ ਹਾਰ ਕੇ ਕਹਿਣਾ ਪੈਂਦਾ ਵੇ ਤੋਰ ਲੈ ਵੇ ਭਰਾਵਾ ਜੇਠ ਹਾੜ੍ਹ ਦੀ ਗਰਮੀ ਵਿਚ ਸਾਨੂੰ ਐਥੇ ਈ ਲੂਹਣਾ ਏ! ਅਗਲੀਆਂ ਸੀਟਾਂ ਦੇ ਮੁਸਾਫ਼ਿਰ ਅੱਬੂ ਤੇ ਨਿੱਕੇ ਭੈਣ ਭਰਾ ਹੁੰਦੇ ਸੀ। ਕੁਝ ਘੋੜੇ ਦੇ ਨੇੜੇ ਹੋਣ ਦਾ ਚਾ ਕੁਝ ਓਹਦੀ ਪੂਛਲ ਤੇ ਹੱਥ ਫੇਰਨ ਦਾ। ਨਾਲ ਇਕ ਪਾਸੇ ਬਮ ਉਤੇ ਬੈਠੇ ਟਾਂਗੇ ਵਾਲੇ ਦੇ ਹਵਾ ਵਿਚ ਘੁਮਦੇ ਛਾਂਟੇ ਦੀ ਸੜਕ ਸੜਕ ਦੀ ਆਵਾਜ਼। ਮੈਂ ਪਿਛਲੀ ਸੀਟਾਂ ਤੇ ਮਾਂ ਜੀ ਦੇ ਨਾਲ ਬਹਿੰਦਾ ਸੀ। ਪਿਛਲੀ ਸੀਟ ਜਿੱਥੋਂ ਜੋਹਲ ਦਾ ਚੌਬਾਰਾ ਤੇ ਅਵਾਗਤ ਬੰਗਲੇ ਦੀ ਡਿੰਗੀ ਪੱਕੀ ਅੱਖਾਂ ਦੇ ਨਾਲ ਨਾਲ ਟੁਰਦੇ ਸਨ॥


ਸਾਲ ਪਿੱਛੋਂ ਮਹੀਨੇ ਦੋ ਮਹੀਨੇ ਵਾਸਤੇ ਪਿੰਡ ਆਏ ਸ਼ਹਰਿਆਂ ਨੂੰ ਓਥੇ ਦਾ ਰਹਿਣ ਸਹਿਣ ਇਕ ਵਖਰੇ ਸਟਾਈਲ ਨਾਲ ਫ਼ੈਸੀਨੇਟ ਕਰਦਾ। ਘਰ ਦਾ ਕੱਚਾ ਫ਼ਰਸ਼ ਤੇ ਕੱਚੇ ਅੰਦਰ ਦੀ ਮਹਿਕ। ਵੇਹੜੇ ਵਿਚ ਠੰਡੀ ਛਾਵੇਂ ਖੜੀ ਦਾਦੇ ਦਾਦੀ ਦਿ ਹਮ ਉਮਰ ਨਿੱਮ੍ਹ। ਮਰੱਬੇ ਦੀ ਸੈਰ ਵੱਟਾਂ ਉਤੇ ਬੰਨੇ ਬੰਨੇ ਤੁਰਨ ਦਾ ਚਾ। ਖਾਲ ਵਿਚ ਪਾਣੀ ਲਗਣ ਵਾਲੀ ਵਾਰੀ ਉਤੇ ਚੁੱਭੀ ਮਾਰ ਕੇ ਤਾਰੀ ਲੈਣ ਦੀ ਹੁੜਕ। ਮੌਸਮ ਦਾ ਫਲ ਹਥੀਂ ਤੋੜ ਕੇ ਖਾਣ ਦਾ ਸੁਆਦ। ਕਿਤੇ ਦੂਰੋਂ ਲੋਰੀ ਵਾਂਗੂੰ ਕੱਨਾਂ ਤੇ ਡੁਲਦੀ ਕਣਕ ਪਹਿਣ ਵਾਲੀ ਚੱਕੀ ਦੀ ਕੂ ਕੂ। ਤੇ ਮਗਬਰ ਦੀ ਬਾਂਗ ਦੇ ਨਾਲ ਪਾਥੀਆਂ ਦੀ ਅੱਗ ਉਤੇ ਪੱਕੀ ਓਸੇ ਚੱਕੀ ਦੇ ਆਟੇ ਦੀ ਰੋਟੀ ਨਾਲ ਅੱਲਾ ਬਖ਼ਸ਼ੇ ਰੰਗ ਵਾਲੀ ਅੱਮੀ ਦੇ ਹੱਥ ਦੀ ਰਿੰਨ੍ਹੀ ਮਾਂਹਾਂ ਛੋਲਿਆਂ ਦੀ ਦਾਲ ਰੱਜ ਕੇ ਖਾ ਲੈਣ ਮਗਰੋਂ ਚੜ੍ਹਦੀ ਘੂਕੀ।

ਪੱਖੇ ਦੇ ਨਾਲ ਡਾਹੇ ਪਹਿਲੇ ਮੰਜੇ ਉਤੇ ਲੇਟੇ ਦਾਦਾ ਜੀ ਦੀਆਂ ਲੱਤਾਂ ਘੁੱਟਣ ਦੇ ਨਾਲ ਹਵਾ ਜੇ ਝੋਂਕੇਆਂ ਦਾ ਸੁਆਦ ਲੇਂਦੇ ਪੋਤੇ ਪੋਤੀਆਂ। ਤੜਕੇ ਬਾਂਗਾਂ ਵੇਲੇ ਬੀਬੀ ਦੀ ਰੜਕਦੀ ਮਧਾਣੀ ਦੇ ਅਲਾਰਮ ਦੇ ਨਾਲ ਖੁੱਲਣ ਵਾਲੀ ਅੱਖ ਤੇ ਸਾਰੀ ਦੇਹਾੜੀ ਦਾ ਟਾਇਮ ਟਪਾ ਲੈਣ ਤੋੰ ਬਾਦ ਵੀ ‘ਅਜੇ ਹਾਲੇ ਸਵੇਰ ਦੇ ੯ ਇ ਵੱਜੇ ਆ!’ ਵਾਲੀ ਹੈਰਾਨੀ। ਪੰਜਾਬ ਟੈਕਸਟ ਬੁਕ ਬੋਰਡ ਦੀ ਉਰਦੂ ਦੀ ਕਿਤਾਬ ਵਿਚ ਖ਼ੁਸ਼ੀ ਮੁਹੰਮਦ ਨਾਜ਼ਿਰ ਦੀ ਲੱਮੀ ਪਰ ਬੜੀ ਵਧਿਆ ਨਜ਼ਮ ਜੋਗੀ।


ਗੱਲ ਸਜਣੋ ਵਾਹਵਾ ਈ ਖਿੱਲਰ ਖੁੱਲਰ ਗਈ ਏ ਤੇ ਏਸ ਖਿਲਰੀ ਗੱਲ ਨੂੰ ਅਕੱਠਾ ਕਰਦੇ ਆਂ। ਪਿੰਦੋਂ ਵਾਪਸ ਜੋਹਲ ਦੇ ਚੌਬਾਰੇ ਤੇ ਅਵਾਗਤ ਬੰਗਲੇ ਦੀ ਡਿੰਗੀ ਪੱਕੀ ਵਲ ਮੁੜ ਟੁਰਦੇ ਹਾਂ। ਸ਼ਹਿਰਾਂ ਦੀ ਤੇਜ਼ੀ ਛਡ ਕੇ ਪਿੰਡਾਂ ਦੇ ਸ਼ਾਂਤ ਮਾਹੋਲ ਵਿਚ ਆਂਦਿਆਂ ਤੇ ਛੁੱਟੀਆਂ ਮੁਕਣ ਤੇ ਉਲਟੇ ਪੈਰ ਸ਼ਹਿਰਾਂ ਦੀ ਹਬੜ ਤਬੜ ਵੱਲ ਪਰਤਣ ਵੇਲੇ ਦਿਲ ਕਮਲਾ ਕੂੰਜ ਵਾਂਗੂੰ ਕੁਰਲਾਉਂਦਾ ਸੀ॥

ਇੰਨੇ ਵਰ੍ਹੇ ਲੰਘ ਗਏ ਜੁੱਸੇ ਵੱਡੇ ਹੋ ਗਏ ਤੇ ਉਮਰਾਂ ਦੇ ਹੱਥੋਂ ਕੱਸੇ ਗਏ ਪਰ ਦਿਲ ਹਾਲੇ ਵੀ ਓਹੀ ਕਮਲਾ ਏ। ਅਵਾਗਤ ਬੰਗਲੇ ਦੀ ਓਹੀ ਡਿੰਗੀ ਪੱਕੀ ਭਾਲਦਾ ਏ। ਤੇ ਐਂਵੇਂ ਬੈਠੇ ਬੈਠੇ ਨਮਾਸ਼ਾਂ ਵੇਲੇ ਜੋਹਲ ਦੇ ਚੌਬਾਰੇ ਦਾ ਚਾਨਣ ਕਦੀ ਕਦੀ ਅੱਖਾਂ ਵਿਚ ਰੜਕਣ ਕਗ ਪੈਂਦਾ ਏ॥


ਵੇ ਮੈਂ ਭੁੱਲ ਗਈ ਮੋੜ ਤੇ ਆ ਕੇ
ਲੱਮੀ ਸੀਟੀ ਮਾਰ ਮਿਤਰਾ
ਵੇਹੜਾ ਨਿੰਮ੍ਹ ਵਾਲਾ ਉੱਤੇ ਵੇ ਚੌਬਾਰਾ
ਓਹੋ ਘਰ ਮਿਤਰਾਂ ਦਾ

share this article
author bio

Imran Saeed

I am a teller of old tales. History, folklore, military, and more. Mostly covering Pakistan, my homeland, but also the Great White North, where I am currently settled.
0 0 votes
Article Rating
Subscribe
Notify of
guest
0 Comments
Inline Feedbacks
View all comments